ਦਿਨ ਰੁੱਤਾਂ ਹੋ ਹੋ ਕੇ ਲੰਘਣ
ਆਸਾਂ ਘੁੱਟ ਸਬਰਾਂ ਦੇ ਮੰਗਣ
ਪਛਤਾਵਾ ਬੂਹੇ ਬੈਠਾ ਹੱਸੇ
ਮੈਨੂੰ ਕਮਲ਼ਾ ਝੱਲਾ ਦੱਸੇ
ਰਾਤ ਸਿਆਹੀ ਪੀੜ ਲਿਖਾਵੇ
ਵਿਛੌੜਾ ਮੇਰੇ ‘ਤੇ ਹੱਕ ਜਤਾਵੇ
ਯਾਦਾਂ ਮੁੜ ਮੁੜ ਤੇਰੀਆਂ ਆਉਣ
ਖਿਆਲ ਕੱਖਾਂ ਵਾਂਗ ਉੱਡ ਉੱਡ ਜਾਣ
ਚਾਰ ਦਿਵਾਰੀ ਵਿੱਚ ਹਉਂਕਾ ਗੂੰਜੇ
ਉਡੀਕ ਤੇਰੀ ਮੇਰੇ ਅੱਥਰੂ ਪੂੰਜ੍ਹੇ
ਉੱਲੂਆਂ ਵਾਂਗ ਝਾਕਣ ਚਾਅ ਮੇਰੇ
ਸੁੱਕ ਸੁੱਕ ਜਾਣ ਵੇ ਸਾਹ ਮੇਰੇ
ਹੰਝੂ ਵਗਦੇ ਕੋਸੇ ਕੋਸੇ
ਮੌਤ ਸਿਰਹਾਣੇ ਸਿਰ ਪਲੋਸੇ
ਚਰਨਦੀਪ